Movie News

ਡਾਇਰੈਕਟਰ ਦੇਵੀ ਸ਼ਰਮਾ ਦੀ ਫਿਲਮ ‘ਦੁੱਲਾ ਵੈਲੀ’ ‘ਚ ਮੁੜ ਇਕੱਠੇ ਹੋਣਗੇ ਇਹ ਤਿੰਨ ਦਿੱਗਜ

ਪੰਜਾਬੀ ਸਿਨੇਮਾ ਅੱਜ ਮਾਰ-ਧਾੜ ਵਾਲੀਆਂ ਤੇ ਜਮੀਨਾਂ ਜਾਇਦਾਦਾਂ ਦੇ ਮਸਲੇ ਵਾਲੀਆਂ ਫਿਲਮਾਂ ਤੋ ਕਾਫੀ ਅੱਗੇ ਲੰਘ ਚੁੱਕਾ ਅਤੇ ਇਹ ਸਿਨੇਮਾ ਇੱਕ ਨਵਂੇ ਵਿਰਾਸਤੀ ਮੋੜ ਤੇ ਆ ਖਲੋਤਾ ਹੈ।ਪਰ ਦਰਸ਼ਕ 90 ਦੇ ਦਹਾਕੇ ਦੀ ਇੱਕ ਮਕਬੂਲ ਜੋੜੀ ਨੂੰ ਅੱਜ ਵੀ ਉਨ੍ਹੀ ਹੀ ਮਾਨਤਾ ਦਿੰਦੇ ਹਨ ਜਿਨ੍ਹੀ ਉਸ ਸਮੇਂ ਦੇ ਦੌਰ ‘ਚ ਦਿੰਦੇ ਸਨ।ਇਹ ਮਾਨਮੱਤੀ ਜੋੜੀ ਪੰਜਾਬੀ ਫਿਲਮ ਦੇ ਦੋ ਪਿੱਲਰ “ਗੁੱਗੂ ਗਿੱਲ ਤੇ ਯੋਗਰਾਜ ਸਿੰਘ ਹੁਰਾਂ ਦੀ ਹੈ।ਇਸ ਜੋੜੀ ਵਲੋਂ ਉਸ ਸਮੇਂ ‘ਚ ਕੀਤੀਆਂ ਫਿਲਮਾਂ ਅੱਜ ਵੀ ਦਰਸ਼ਕਾਂ ਦੀ ਰੂਹ ਤੇ ਕਾਬਜ ਹਨ।ਇਸ ਜੋੜੀ ਦੀ ਨਿੱਜੀ ਜਿੰਦਗੀ ‘ਚ ਯਾਰੀ ਤੇ ਫਿਲਮੀ ਜਿੰਦਗੀ ਵਿੱਚ ਦੁਸ਼ਮਣੀ ਦੀਆਂ ਲੋਕੀ ਮਿਸਾਲਾਂ ਦਿੰਦੇ ਹਨ। ਅਜੋਕੇ ਸਮੇਂ ਦੇ ਸੁਹਿਰਦ ਦੌਰ ਵਿੱਚ ਵੀ ਦਰਸ਼ਕ ਇਨਾਂ ਨੂੰ ਉਸੇ ਪੁਰਾਣੇ ਅੰਦਾਜ ਵਿੱਚ ਵੇਖਣ ਦੀ ਚਾਹਤ ਰੱਖਦੇ ਹਨ।।ਹਾਲਕਿ ਇਹ ਜੋੜੀ ਥੋੜਾ ਚਿਰ ਪਹਿਲਾਂ ਵੀ ਇੱਕ ਫਿਲਮ ਵਿੱਚ ਇੱਕਠਿਆਂ ਨਜ਼ਰ ਆਈ ਸੀ।

ਪਰ ਉਸ ਫਿਲਮ ਵਿੱਚ ਵੀ ਦਰਸ਼ਕਾ ਦੀ ਇਨਾਂ ਨੂੰ ਉਸ ਪੁਰਾਣੇ ਤੇ ਧਾਕੜ ਦਿੱਖ ਵਿੱਚ ਵੇਖਣ ਦੀ ਰੀਝ ਬਸ ਰੀਝ ਹੀ ਰਹਿ ਗਈ।ਪਰ ਖੁਸ਼ਬੂ ਬੈਨਰ ਦੇ ਤਲੇ ਦੇਵੀ ਸ਼ਰਮਾ ਦੇ ਨਿਰਦੇਸ਼ਨ ਵਿੱਚ ਬਣ ਰਹੀ ਨਵੀਂ ਫਿਲਮ “ਦੁੱਲਾ ਵੈਲੀ” ਵਿੱਚ ਇਹ ਜੋੜੀ ਇੱਕ ਵਾਰ ਫਿਰ ਆਪਣੇ ਉਹੀ ਪੁਰਾਣੇ ਰੋਅਬਦਾਰ ਤੇ ਦਿਲਖਿੱਚਵੇਂ ਅੰਦਾਜ ਵਿੱਚ ਪਰਦਾਪੇਸ਼ ਹੋਵੇਗੀ। ਇਸ ਵਾਰ ਖਾਸ ਗੱਲ ਇਹ ਵੀ ਹੈ ਕਿ ਇਨਾਂ ਨਾਲ ਸੰਗੀਤ ਖੇਤਰ ਦੀ ਮੰਨੀ ਪ੍ਰਮੰਨੀ ਦਿੱਗਜ ਸ਼ਖਸੀਅਤ ਤੇ ਡਿਊਟ ਕਿੰਗ “ਮੁਹਮੰਦ ਸਦੀਕ” ਵੀ ਨਜ਼ਰ ਆਉਣਗੇ।ਇਸਦੇ ਇਲਾਵਾ ਕੈਨੇਡਾ ਦੀ ਸਰਗਰਮ ਸਿਆਸਤਦਾਨ ਅਤੇ ਬਾਲੀਵੁੱਡ ਤੇ ਪਾਲੀਵੁੱਡ ਵਿੱਚ ਲੰਮਾ ਸਮਾਂ ਬਿਤਾਉਣ ਵਾਲੀ ਅਦਾਕਾਰਾ ਗੁਗਨੀ ਗਿੱਲ ਵੀ ਫਿਲਮ ਵਿੱਚ ਗੁੱਗੂ ਗਿੱਲ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ।ਨਾਲ ਹੀ ਵਿਦੇਸ਼ੀ ਧਰਤੀ ਤੇ ਮੀਡੀਆ ਦੇ ਖੇਤਰ ਵਿੱਚ ਅਹਿਮ ਸਥਾਨ ਰੱਖਣ ਵਾਲੀ ਅਤੇ ਪੰਜਾਬੀ ਫਿਲਮ ‘ਕੱਚੇ ਧਾਗੇ’ ਵਿੱਚ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਜੋਤੀ ਸ਼ਰਮਾ ਵੀ ਫਿਲਮ ਵਿੱਚ ਅਹਿਮ ਰੋਲ ਪੇਸ਼ ਕਰੇਗੀ।ਖੁਸਬੂ ਸ਼ਰਮਾ ਵੱਲੋ ਲ਼ਿਖੀ ਇਸ ਕਹਾਣੀ ਵਿੱਚ ਗੱਗੂ ਗਿੱਲ ਐਕਸ਼ਨ ਹੀਰੋ ਦੀ ਦਿੱਖ ਵਿੱਚ ਨਜ਼ਰ ਆਉਣਗੇ ਜੋ ਕਿ ਆਪਣੇ ਨਾਮ ਦੇ ਮੁਤਾਬਿਕ ਸਾਹੂਕਾਰਾਂ ਨੂੰ ਲੁੱਟਕੇ ਉਨਾਂ ਦਾ ਪੈਸਾ ਲੋੜਵੰਦਾਂ ਤੇ ਮਜਲੂਮਾ ਨੂੰ ਵਿੱਚ ਵੰਡਦਾ ਹੈ।ਜਦਕਿ ਯੋਗਰਾਜ ਸਿੰਘ ਵਿਲੇਨ ਦੀ ਭੂਮਿਕਾ ਵਿੱਚ ਹਨ।ਫਿਲਮ ਦੀ ਕਹਾਣੀ ਪੰਜਾਬ ਵਿੱਚ ਵੱਗਦੇ ਸੱਤਵਂੇ ਨਜ਼ਾਇਜ ਕਬਜਿਆਂ ਦੇ ਦਰਿਆ ਨੂੰ ਵੀ ਬੰਨ ਮਾਰੇਗੀ ਅਤੇ ਨਸ਼ਿਆਂ ਵਰਗੇ ਅਹਿਮ ਮੁੱਦਿਆਂ ਤੇ ਵੀ ਨਕੇਲ ਕਸੇਗੀ।

ਫਿਲਮ ਵਿੱਚ ਇਸ ਤਿੱਕੜੀ ਤੋ ਇਲਾਵਾ ਰੰਗਲੇ ਪੰਜਾਬ ਦੀ ਸਿਫਤ ਸੁਣਾਉਣ ਵਾਲਾ ਗਾਇਕ ਸਰਬਜੀਤ ਚੀਮਾ ‘ਤੇ ਉਨਾਂ ਦਾ ਪੁੱਤਰ ਗੁਰਵਰ ਚੀਮਾ ਵੀ ਕੰਮ ਕਰਦੇ ਨਜ਼ਰ ਆਉਣਗੇ।ਇਸਦੇ ਇਲਾਵਾ ਅਵਤਾਰ ਗਿੱਲ, ਨੀਟੂ ਪੰਧੇਰ, ਸੁਰਿੰਦਰ ਸ਼ਰਮਾ, ਜਨਕ ਜੋਸ਼ੀ, ਹੈਰੀ ਸੱਚਦੇਵਾ, ਮੈਨੀ ਖਹਿਰਾ ਵਰਗੇ ਨਾਮੀ ਫਿਲਮੀ ਸਿਤਾਰਿਆ ਤੋ ਇਲਾਵਾ ਬਹੁਪੱਖੀ ਸ਼ਖਸੀਅਤ ਦੇ ਮਾਲਕ ਮਨਜੀਤ ਉੱਪਲ ਦਾ ਫਰਜੰਦ ਲਖਵੀਰ ਉੱਪਲ ਵੀ ਫਿਲਮ ਵਿੱਚ ਆਪਣੀ ਧੱੜਲੇਦਾਰ ਅਦਾਕਾਰੀ ਦਾ ਨਮੂਨਾ ਪੇਸ਼ ਕਰੇਗਾ।ਫਿਲਮ ਨੂੰ ਬਠਿੰਡਾ ਦੇ ਆਸ ਪਾਸ ਦੇ ਪਿੰਡਾਂ ਤੋ ਇਲਾਵਾ ਗੰਗਾਨਗਰ ਤੇ ਅਬੋਹਰ ਦੇ ਨਾਲ ਲੱਗਦੇ ਇਲਾਕਿਆਂ ‘ਚ ਫਿਲਮਾਇਆ ਜਾਣਾ ਹੈ।ਫਿਲਮ ਨੂੰ ਮਲਕੀਤ ਬੁੱਟਰ ਅਤੇ ਚਰਨਜੀਤ ਕੌਰ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।ਜਦਕਿ ਮਨਜੀਤ ਉੱਪਲ ਤੇ ਊਰਜਾ ਫਿਲਮ ਇਸਦੇ ਸਹਿ ਪ੍ਰੋਡਿਊਸਰ ਹਨ।ਫਿਲਮ ਨੂੰ ਐਕਸ਼ਨ ਦੇ ਇਲਾਵਾ ਸੰਗੀਤਕ ਪੱਖ ਤੋ ਮਜਬੂਤ ਬਣਾਉਣ ਲਈ ਇਸਦਾ ਸੰਗੀਤਕ ਜਿੰਮਾ ਨੋਰਥ ਅਮਰੀਕਾ ਦੀ ਕੰਪਨੀ ਮਿਊਜਿਕ ਫੀਵਰ ਨੂੰ ਦਿੱਤਾ ਗਿਆ ਹੈ।ਫਿਲਮ ਦੇ ਗੀਤ ਅਰਵਿੰਦਰ ਸਿੰਘ, ਮਨਜੀਤ ਉੱਪਲ ,ਹੈਮੀ ਨਾਰੋ,ਬਲਜੀਤ ਸੰਧੂ, ਰਾਬੀਆ ਸੱਗੂ ਅਤੇ ਪ੍ਰਗਟ ਭਾਗੂ ਨੇ ਆਪਣੀਆ ਖੂਬਸੂਰਤ ਆਵਾਜਾਂ ‘ਚ ਗਾਏ ਹਨ ਜਦਕਿ ਸੰਗੀਤ ਆਤਿਫ ਖਾਨ,ਪੰਮਾ ਸਰਾਏ, ਸੰਦੀਪ ਸ਼ੈਡੀ ਵੱਲੋ ਤਿਆਰ ਕੀਤਾ ਗਿਆ ਹੈ।ਇਸਦੇ ਗੀਤ ਪ੍ਰਸਿੱਧ ਉਰਦੂ ਸ਼ਾਇਰ ਸਵ:ਪ੍ਰਵੀਨ ਕੁਮਾਰ ਅਸ਼ਕ ਅਤੇ ਮਨਜੀਤ ਉੱਪਲ ਨੇ ਲਿਖੇ ਹਨ। ਜਦਕਿ ਫਿਲਮ ਦਾ ਟਾਈਟਲ ਗੀਤ ਮਾਲਵੇ ਦੇ ਪ੍ਰਸਿੱਧ ਗੀਤਕਾਰ “ਗੁਰਤੇਜ ਉੱਗੋਕੇ” ਵੱਲੋ ਕਲਮਬੱਧ ਕੀਤਾ ਗਿਆ ਹੈ।ਦੇਵੀ ਸ਼ਰਮਾ ਨੇ ਦੱਸਿਆ ਕਿ ਫਿਲਮ ਦੇ ਹਰ ਇੱਕ ਸੀਨ ਦਰਸ਼ਕ ਦੇ ਮਨਾ ਨੂੰ ਟੁੰਬੇਗਾ ਅਤੇ ਇਹ ਫਿਲਮ ਪੰਜਾਬੀ ਸਿਨੇਮੇ ਵਿੱਚ ਨਿਵੇਕਲੀ ਪੈੜ ਸਾਬਿਤ ਹੋਵੇਗੀ।ਫਿਲਮ ਦੀ ਸੂਟਿੰਗ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ ਜੋ ਕਿ ਜਲਦ ਹੀ ਦਰਸ਼ਕਾਂ ਦੀ ਕਚਹਿਰੀ ‘ਚ ਦਸਤਕ ਦੇਵੇਗੀ।

ਦੀਪ ਸੰਦੀਪ 9501375047

Leave a Reply