Movie News

ਪੁਰਾਤਨ ਸੱਭਿਆਚਾਰ, ਰੀਤੀ ਰਿਵਾਜ਼ ਤੇ ਅਪਣੱਤ ਭਰੇ ਰਿਸ਼ਤਿਆ ਦੇ ਨਿੱਘ ਦਾ ਆਨੰਦ ਦੇਵੇਗੀ- ‘ਨਿੱਕਾ ਜ਼ੈਲਦਾਰ 2’

ਨਿਰਦੇਸ਼ਕ ਸਿਮਰਜੀਤ ਸਿੰਘ ਦੀ ‘ਅੰਗਰੇਜ’ ਫ਼ਿਲਮ ਵਾਂਗ ਹੁਣ ਨਿੱਕਾ ਜ਼ੈਲਦਾਰ 2′ ਵੀ ਦਰਸ਼ਕਾਂ ਨੂੰ ਪੁਰਾਤਨ ਪੰਜਾਬ ਦੇ ਸੱਭਿਆਚਾਰ, ਰੀਤੀ ਰਿਵਾਜ਼, ਅਪਣੱਤ ਭਰੇ ਰਿਸ਼ਤਿਆ ਦੇ ਨਿੱਘ ਦਾ ਆਨੰਦ ਦੇਵੇਗੀ । ਇਹ ਫ਼ਿਲਮ 1975 ਦੇ ਦੌਰ ਦੀ ਹੈ ਜਿਸ ਵਿੱਚ ਮੋਬਾਇਲ, ਟੈਲੀਵਿਜ਼ਨ ਜਿਹੇ ਆਧੁਨਿਕ ਸਾਧਨਾ ਤੋਂ ਮੁਕਤ ਲੋਕਾਂ ਦੀ ਖੁਸ਼ਹਾਲ ਜਿੰਦਗੀ ਵਿਖਾਈ ਦੇਵੇਗੀ। ਪਿਛਲੇ ਸਾਲ ਦੀ ਚਰਚਿਤ ਫ਼ਿਲਮ ਨਿੱਕਾ ਜੈਲਦਾਰ ‘ ਲੜੀ ਦੀ ਅਗਲੀ ਫ਼ਿਲਮ ‘ਨਿੱਕਾ ਜ਼ੈਲਦਾਰ 2’ ਆਉਣ ਵਾਲੀ 22 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਪਹਿਲੀ ਫ਼ਿਲਮ ਵਾਂਗ ਇਹ ਫ਼ਿਲਮ ਵੀ ਦਰਸ਼ਕਾਂ ਦਾ ਇੱਕ ਨਵੀਂ ਕਹਾਣੀ ਨਾਲ ਖੂਬ ਮਨੋਰੰਜਨ ਕਰੇਗੀ। ਇਸ ਫ਼ਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਰੁਮਾਟਿਕ ਜੋੜੀ ਦੇ ਪਿਆਰ, ਤਕਰਾਰ, ਨਖਰੇ ਅਤੇ ਹੁਸਨ ਦੇ ਜਲਵਿਆਂ ਦਾ ਦਰਸ਼ਕ ਭਰਪੂਰ ਮਜ਼ਾ ਲੈਣਗੇ। ਫ਼ਿਲਮ ਦੀ ਕਹਾਣੀ ਵਿੱਚ ਕਈ ਦਿਲਚਸਪ ਮੋੜ ਹਨ ਜੋ ਦਰਸ਼ਕਾਂ ਨਾਲ ਇੱਕ ਖਿੱਚ ਬਣਾ ਕੇ ਰੱਖਦੇ ਹਨ। ਇਹ ਫ਼ਿਲਮ ਪੁਰਾਣੇ ਸਮਿਆਂ ਦੀ ਇੱਕ ਪ੍ਰੇਮ ਕਹਾਣੀ ਹੈ ਜੋ ਉਸ ਵੇਲੇ ਦੇ ਰਿਸ਼ਤਿਆਂ, ਸਾਂਝੇ ਪਰਿਵਾਰਾਂ ਦੀ ਮਰਿਯਾਦਾ, ਸਾਦਗੀ ਨੂੰ ਬਹੁਤ ਬਾਰੀਕੀ ਨਾਲ ਪਰਦੇ ‘ਤੇ ਪੇਸ਼ ਕਰਦੀ ਹੈ। ਇਹ ਫ਼ਿਲਮ ਪਹਿਲੀ ਫ਼ਿਲਮ ਤੋਂ ਬਹੁਤ ਹਟਕੇ ਹੈ ਇਸ ਵਿੱਚ ਨਿੱਕੇ ਦਾ ਵਿਆਹ ਜੀਤ (ਸੋਨਮ) ਨਾਲ ਤਾਂ ਹੋ ਜਾਂਦਾ ਹੈ ਪਰ ਉਹ ਕਿਸੇ ਸਕੂਲ ਮਾਸਟਰਨੀ ਸਾਵਨ ਕੌਰ ਦੇ ਚੱਕਰਾਂ ਵਿੱਚ ਹੁੰਦਾ ਹੈ। ਹਾਲਾਤ ਅਜਿਹੇ ਬਣਦੇ ਹਨ ਕਿ ਸੋਨਮ ਨੂੰ ਐਮੀ ਦਾ ਉਸ ਮਾਸਟਰਨੀ ਨਾਲ ਵਿਆਹ ਕਰਵਾਉਣ ਲਈ ਵਿਚੋਲਣ ਬਣਨਾ ਪੈਂਦਾ ਹੈ। ਸਾਵਨ ਕੌਰ ਦੇ ਕਿਰਦਾਰ ਵਿੱਚ ਦਰਸ਼ਕ ਇਸ ਫ਼ਿਲਮ ਵਿੱਚ ਇੱਕ ਹੋਰ ਖੂਬਸੁਰਤ ਅਦਾਕਾਰਾ ਵਾਮਿਕਾ ਗੱਬੀ ਦੀ ਅਦਾਕਾਰੀ ਤੇ ਹੁਸਨ ਦੇ ਜਲਵੇ ਵੀ ਵੇਖਣਗੇ।

ਪਟਿਆਲਾ ਮੋਸ਼ਨ ਪਿਕਚਰਜ਼ ਤੇ ਨਿਰਮਾਤਾ ਅਮਨੀਤ ਸੇਰਸਿੰਘ ਕਾਕੂ ਤੇ ਰਮਨੀਤ ਸੇਰ ਸਿੰਘ ਦੀ ਫ਼ਿਲਮ ‘ਨਿੱਕਾ ਜ਼ੈਲਦਾਰ-2’ ਵਿੱਚ ਐਮੀ ਵਿਰਕ,ਸੋਨਮ ਬਾਜਵਾ, ਨਿਰਮਲ ਰਿਸ਼ੀ, ਵਾਮਿਕਾ ਗੱਬੀ,ਸਰਦਾਰ ਸੋਹੀ, ਮਲਕੀਤ ਰੌਣੀ,ਰਾਣਾ ਰਣਬੀਰ, ਕਰਮਜੀਤ ਅਨਮੋਲ, ਗੁਰਮੀਤ ਸਾਜਨ, ਪ੍ਰਿੰਸ ਕੰਵਲਜੀਤ ਸਿੰਘ,ਸੁਖਦੇਵ ਬਰਨਾਲਾ,ਬਨਿੰਦਰ ਬਨੀ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਤੇ ਡਾਇਲਾਗ ਜਗਦੀਪ ਸਿੰਘ ਸਿੱਧੂ ਨੇ ਲਿਖੇ ਹਨ। ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ। ਫ਼ਿਲਮ ਦੇ ਗੀਤ ਫ਼ਿਰੋਜ ਖਾਨ, ਐਮੀ ਵਿਰਕ,ਵੀਤ ਬਲਜੀਤ ਨੇ ਗਾਏ ਹਨ। ਨਿਰਦੇਸ਼ਕ ਸਿਮਰਜੀਤ ਨੇ ਦੱਸਿਆ ਕਿ ਪਹਿਲੀ ਨਿੱਕਾ ਜੈਲਦਾਰ ਵਾਂਗ ਇਹ ਨਵੀਂ ਫ਼ਿਲਮ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।

(ਸੁਰਜੀਤ ਜੱਸਲ)

 

Leave a Reply